Friday, March 25, 2011

ਸਾਈਕਲ



ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ

ਆਓ! ਪਹਿਲ਼ੀ ਵਾਰ ਸੀਟ 'ਤੇ ਬੈਠੀਏ,
ਆਪਣੇ-ਆਪ ਨੂੰ ਆਪਣੇ 'ਤੇ ਕੇਂਦਰਿਤ ਕਰੀਏ,
ਦੁਨੀਆਂ ਨੂੰ ਭੁੱਲ ਆਪਣੇ ਟੀਚੇ ਬਾਰੇ ਸੋਚੀਏ
ਤੇ
ਇਹ ਨਾ ਭੁਲੀਏ ਕੇ ਸੀਟ ਪਿੱਛੇ ਆਪਣਿਆਂ
ਦਾ ਹੱਥ ਹੈ
ਤੇ
ਬੇਗਾਨੇ ਅਕਸਰ ਸਦਾ ਲਈ ਡੇਗ ਦਿਆ ਕਰਦੇ ਹਨ,

ਆਓ! ਆਪਣਿਆਂ ਦੀ ਪਹਿਚਾਣ ਕਰਨਾ ਸਿੱਖੀਏ।

ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।

ਆਓ! ਪਹਿਲੀ ਵਾਰ ਪੈਡਲ ਮਾਰੀਏ,
ਸਿੱਖੀਏ ਕੇ
ਕੋਈ ਕੰਮ ਕਰਨ ਤੋਂ ਪਹਿਲਾਂ
ਸ਼ੁਰੂਆਤ ਕਰਨੀ ਪੈਂਦੀ ਹੈ,
ਡਿੱਗਣ 'ਤੇ ਵੀ ਤੁਹਾਨੂੰ
ਉੱਠਣਾ ਪੈਂਦਾ ਹੈ,
ਡਿੱਗਣ ਤੋਂ ਬਾਅਦ ਜੇ
ਤੁਸੀਂ ਸੀਟ 'ਤੇ ਨਾ ਬੈਠੇ
ਤੇ ਫਿਰ ਤੁਸੀਂ ਕਦੀ ਨਹੀਂ ਬੈਠ ਪਾਓਗੇ,

ਆਓ! ਇਸ ਸਬਕ ਤੋਂ ਕੁਝ ਸਿੱਖੀਏ।

ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।

ਆਓ! ਉਸ ਦ੍ਰਿਸ਼ ਨੂੰ ਦੁਬਾਰਾ ਦੇਖੀਏ
ਜਦੋਂ ਤੁਹਾਡੇ ਪਿਤਾ ਨੇ ਬਿਨਾਂ ਦੱਸੇ
ਸਾਈਕਲ ਨੂੰ ਆਸਰਾ ਦੇਣਾ ਛੱਡ ਦਿੱਤਾ ਸੀ,
ਦ੍ਰੂਰ ਜਾ ਕੇ ਜਦੋਂ ਤੁਸੀਂ ਦੇਖਿਆਂ,
ਪਿਤਾ ਦਾ 'ਬਾਏ-ਬਾਏ' ਕਰਦਾ ਹੱਥ ਤੇ
ਤੁਹਾਡਾ ਉਹ ਅਹਿਸਾਸ,
"ਮੈਨੂੰ ਸਾਈਕਲ ਚਲਾਉਣਾ ਆ ਗਿਆ।"
ਆਓ! ਉਸ ਖੁਸ਼ੀ ਨੂੰ ਫਿਰ ਮਹਿਸੂਸ ਕਰੀਏ,
ਜ਼ਿੰਦਗੀ 'ਚ ਦੁੱਖ ਬਹੁਤ ਨੇ,
ਆਓ! ਖੁਸ਼ੀਆਂ ਸਾਂਭਣਾ ਤੇ ਮਨਾਉਣਾ ਸਿੱਖੀਏ।

ਆਓ! ਫਿਰ ਸਾਇਕਲ ਚਲਾਉਣਾ ਸਿੱਖੀਏ।

ਜਦੋਂ ਤੁਸੀਂ ਆਪਣੇ ਬੱਚੇ ਨੂੰ
ਸਾਈਕਲ ਚਲਾਉਣਾ ਸਿਖਾਓਗੇ,
ਤੁਸੀਂ ਮਹਿਸੂਸ ਕਰੋਗੇ
ਜ਼ਿੰਦਗੀ ਤਾਂ ਕੇਵਲ ਦੁਹਰਾਓ ਹੈ,
ਕਦੇ ਤੁਸੀਂ ਸੀਟ ਉੱਤੇ
ਕਦੇ ਸੀਟ ਪਿੱਛੇ,
ਕਦੇ ਤੁਸੀਂ ਹੌਸਲਾ ਲੈਂਦੇ ਹੋ
ਕਦੇ ਦਿੰਦੇ ਹੋ,
ਕਦੇ ਖੁਦ ਡਿੱਗਦੇ
ਕਦੇ ਡਿੱਗਦੇ ਨੂੰ ਚੱਕਦੇ ਹੋ,

ਆਓ! ਇਸ ਫ਼ਲਸਫ਼ੇ ਤੋਂ ਬਹੁਤ ਕੁਝ ਸਿੱਖੀਏ।

ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।


-ਮੁਖਵੀਰ

2 comments:

  1. "ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ"
    ਖੂਬਸੂਰਤ ਨਜ਼ਮ ਵਾਸਤੇ ਮੁਬਾਰਕਬਾਦ | ਮੁਖਵੀਰ ਮੈਨੂੰ ਵੀ ਜ਼ਿੰਦਗੀ, ਸਾਇਕਲ ਵਰਗੀ ਲੱਗਦੀ,ਜਿਵੇਂ ਸਾਇਕਲ ਚਲਾਉਂਦੇ ਵਕਤ ਸਾਨੂੰ ਸਾਇਕਲ ਨੂੰ ਸਾਂਵਾਂ ਰੱਖਣਾ ਪੈਂਦਾ ਹੈ | ਕਿੰਨਾ ਸੱਚ ਹੈ ਜੇ ਅਸੀਂ ਸਾਇਕਲ ਨੂੰ ਸਾਂਵਾਂ ਨਹੀਂ ਰੱਖਦੇ ਤਾਂ ਅਸੀਂ ਮੰਜ਼ਿਲ 'ਤੇ ਪਹੁੰਚ ਨਹੀਂ ਸਕਦੇ | ਇਸ ਤਰਾਂ ਹੀ ਸਾਰਥਿਕ ਜੀਵਨ ਬਸਰ ਕਰਨ ਵਾਸਤੇ ਸਾਨੂੰ ਕਿੰਨਾ ਖਿਆਲ ਰੱਖਣਾ ਪੈਂਦਾ ਹੈ-ਰੂਪ ਦਬੁਰਜੀ

    ReplyDelete