Wednesday, November 16, 2011

ਤੇਰੇ ਖ਼ਤਾਂ ਨੂੰتیرے خطاں نوں…


 

ਤੇਰੇ  ਸਿਰਨਾਵੇਂ ਤੋਂ
ਮੇਰੇ ਸਿਰਨਾਵੇਂ ਦਾ ਸਫ਼ਰ
ਕਿੰਝ ਕੀਤਾ ਤੈਅ
ਇਹਨਾਂ ਖ਼ਤਾਂ  ਨੇ
ਪਹਿਲਾਂ ਮੈਨੂੰ ਇਹ ਕਲਾ
ਸਿੱਖ  ਲੈਣ ਦੇ
ਫਿਰ ਤੇਰੇ  ਖ਼ਤਾਂ  ਨੂੰ ਵੀ
ਪੜ੍ਹਾਂਗਾ ਦੋਸਤਾ

ਲੋਕਾਂ  ਦੇ   ਸੰਦੇਸ਼ 
ਦਿਲਾਂ  ਦੇ ਭੇਦ
ਕਿੰਝ ਲੁਕਾਈ ਰੱਖੀਦੇ
ਇਨ੍ਹਾਂ ਖ਼ਤਾਂ ਤੋਂ
ਪਹਿਲਾਂ ਮੈਨੂੰ ਇਹ ਗੱਲ
ਸਿੱਖ  ਲੈਣ ਦੇ
ਫਿਰ ਤੇਰੇ  ਖ਼ਤਾਂ  ਨੂੰ ਵੀ
ਪੜ੍ਹਾਂਗਾ ਦੋਸਤਾ

ਤੇਰੇ ਖ਼ਤਾਂ ਨੂੰ ਪੜ੍ਹਨ ਤੋਂ ਪਹਿਲਾਂ
ਖ਼ੁਦ  ਨੂੰ ਪੜ੍ਹ ਲਈਏ
ਤੇਰੇ ਹਾਣ ਦਾ   ਕਰ  ਲਈਏ
ਤੇਰੇ ਖ਼ਤਾਂ ਤੋਂ
ਸਹੀ ਪਤੇ 'ਤੇ  ਪਹੁੰਚਣ  ਦਾ ਰਾਜ਼ ਸਿੱਖ ਲਈਏ
ਫਿਰ ਤੇਰੇ  ਖ਼ਤਾਂ  ਨੂੰ ਵੀ
ਪੜ੍ਹਾਂਗਾ ਦੋਸਤਾ

ਜ਼ਿੰਦਗੀ ਦੇ  ਵਿੱਚ
ਕੁੱਝ   ਖ਼ਤ ਬੇਨਾਮੇ  ਵੀ ਹੁੰਦੇ ਨੇ
ਪਰ ਉਨ੍ਹਾਂ ਵਿੱਚ ਕੁੱਝ  ਛੁਪੇ ਸਿਰਨਾਵੇਂ ਵੀ ਹੁੰਦੇ ਨੇ
ਬੇਨਾਮੇ ਖ਼ਤਾਂ ਦੇ
ਸਿਰਨਾਵੇਂ ਪੜ੍ਹਨੇ ਸਿੱਖ ਲੈਣ ਦੇ
ਫਿਰ ਤੇਰੇ  ਖ਼ਤਾਂ  ਨੂੰ ਵੀ
ਪੜ੍ਹਾਂਗਾ ਦੋਸਤਾ
 -ਮੁਖਵੀਰ


تیرے خطاں نوں…

تیرے سرناویں توں
میرے سرناویں دا سفر
کنجھ کیتا طے
ایہناں خطاں نے
پہلاں مینوں ایہہ کلا
سکھ لین دے
پھر تیرے خطاں نوں وی
پڑھانگا دوستاں

لوکاں دے سندیس
دلاں دے بھید
کنجھ لکائی رکھیدے
ایہناں خطاں توں
پہلاں مینوں ایہہ گلّ
سکھ لین دے
پھر تیرے خطاں نوں وی
پڑھانگا دوستاں

تیرے خطاں نوں پڑھن توں پہلاں
خود نوں پڑھ لئیے
تیرے ہان دا کر لئیے
تیرے خطاں توں
صحیح پتے 'تے پہنچن دا راز سکھ لئییّ
پھر تیرے خطاں نوں وی
پڑھانگا دوستاں

زندگی دے وچ
کجھ خط بینامے وی ہندے نے
پر اوہناں وچ کجھ چھپے سرناویں وی ہندے نے
بینامے خطاں دے
سرناویں پڑھنے سکھ لین دے
پھر تیرے خطاں نوں وی
پڑھانگا دوستاں



-مکھویر

Wednesday, September 14, 2011

ਸਾਡਾ ਖ਼ਾਬ ساڈا خواب

ਪੰਜ + ਆਬ پنج + آب
ਪੰਜਾਬ پنجاب
ਲਾਹੌਰ+ਅਮ੍ਰਿਤਸਰ لاہور + امرتسر
ਸਾਡਾ ਖ਼ਾਬ ساڈا خواب
ਨਾਨਕ + ਬਾਲਾ نانک + بالا
ਨਾਲ نال
ਮਰਦਾਨੇ ਦੀ ਰਬਾਬ مردانے دی رباب
ਆਓ ! آؤ
ਕਰੀਏ ਤਿਆਰ کریئے تیار
ਪੁਰਾਣਾ ਪੰਜਾਬ پرانا پنجاب
(Pic. sanjha punjab)

Thursday, June 23, 2011

ਹੁਣ ਮੈਂ ਇਨ੍ਹਾਂ ਖੇਤਾਂ ਤੋਂ....

ਹੁਣ
ਮੈਂ ਇਨ੍ਹਾਂ ਖੇਤਾਂ ਤੋਂ
ਕਦੇ ਦੂਰ ਨ੍ਹੀਂ ਜਾ ਸਕਦਾ

ਇਨ੍ਹਾਂ ਕਣਕਾਂ ਦੇ ਸਿੱਟੇ
ਸਰ੍ਹੋਂ ਦੇ ਫੁੱਲਾਂ
ਮੈਨੂੰ
ਮੋਹ ਲਿਆ
ਇਨ੍ਹਾਂ ਤੂਤਾਂ ਦੇ ਰੁੱਖਾਂ
ਪਿੱਪਲ ਦੇ ਬੂਟੇ
ਠੰਡੀ ਬੁੱਕਲ
ਮੈਨੂੰ
ਲਕੋਅ ਲਿਆ
ਕੀ ਦੱਸਾਂ?
ਖੇਤਾਂ ਦੀ ਮਿੱਟੀ
ਮੇਰੀ ਮਾਂ ਹੈ
ਮੈਂ ਹੋ ਦੂਰ ਨ੍ਹੀਂ ਸਕਦਾ

ਹੁਣ
ਮੈਂ ਇਨ੍ਹਾਂ ਖੇਤਾਂ ਤੋਂ
ਕਦੇ ਦੂਰ ਨ੍ਹੀਂ ਜਾ ਸਕਦਾ

ਕਿੱਦਾਂ ਛੱਡ ਜਾਵਾਂ
ਮਿੱਠੀ
ਗੰਨੇ ਦੀ ਪੋਰੀ
ਕਿਵੇਂ ਛੱਡ ਜਾਵਾਂ
ਅੰਬ ਮੇਰੇ ਯਾਰ
ਧਰੇਕ ਮੇਰੀ ਗੋਰੀ
ਮੈਂ
ਮਿਠਾਸ
ਯਾਰ ਤੇ ਗੋਰੀ
ਦਾ ਵਿਛੋੜਾ ਨ੍ਹੀਂ ਸਹਿ ਸਕਦਾ

ਹੁਣ
ਮੈਂ ਇਨ੍ਹਾਂ ਖੇਤਾਂ ਤੋਂ
ਕਦੇ ਦੂਰ ਨ੍ਹੀਂ ਜਾ ਸਕਦਾ


ਮੰਨਿਆਂ ਇਨ੍ਹਾਂ
ਖੇਤਾਂ ਵਿਚ ਗੁਜ਼ਾਰਾ ਮੇਰਾ ਔਖਾ ਹੈ
ਕਦੇ ਸਰਕਾਰ
ਕਦੇ ਸ਼ਾਹੂਕਾਰ
ਕਦੇ ਬੈਕਾਂ ਦੇ ਦਲਾਲ
ਕਦੇ ਰੱਬ ਦੇ ਸੈਲਾਬ
ਕੀਤਾ
ਮੇਰੇ ਨਾਲ ਧੋਖਾ ਹੈ
ਮੈੰ ਲੜਾਂਗਾ
ਛੱਡ ਮੈਦਾਨ
ਹੁਣ ਮੈਂ ਨ੍ਹੀਂ ਜਾ ਸਕਦਾ



ਹੁਣ
ਮੈਂ ਇਨ੍ਹਾਂ ਖੇਤਾਂ ਤੋਂ
ਕਦੇ ਦੂਰ ਨ੍ਹੀਂ ਜਾ ਸਕਦਾ
-ਮੁਖਵੀਰ
ہن
میں ایہناں کھیتاں توں
کدے دور نہیں جا سکدا

ایہناں کنکاں دے سٹے
سرہوں دے پھلاں
مینوں
موہ لیا
ایہناں توتاں دے رکھاں
پپل دے بوٹے
ٹھنڈی بکل
مینوں
لکوء لیا
کی دساں؟
کھیتاں دی مٹی
میری ماں ہے
میں ہو دور نہیں سکدا

ہن
میں ایہناں کھیتاں توں
کدے دور نہیں جا سکدا

کداں چھڈّ جاواں
مٹھی
گنے دی پوری
کویں چھڈّ جاواں
امب میرے یار
دھریک میری گوری
میں
مٹھاس
یار تے گوری
دا وچھوڑا نہیں سہِ سکدا

ہن
میں ایہناں کھیتاں توں
کدے دور نہیں جا سکدا


منیاں ایہناں
کھیتاں وچ گزارا میرا اوکھا ہے
کدے سرکار
کدے شاہوکار
کدے بیکاں دے دلال
کدے ربّ دے سیلاب
کیتا
میرے نال دھوکھا ہے
میں لڑانگا
چھڈّ میدان
ہن میں نہیں جا سکدا



ہن
میں ایہناں کھیتاں توں
کدے دور نہیں جا سکدا
-مکھویر

Friday, March 25, 2011

ਸਾਈਕਲ



ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ

ਆਓ! ਪਹਿਲ਼ੀ ਵਾਰ ਸੀਟ 'ਤੇ ਬੈਠੀਏ,
ਆਪਣੇ-ਆਪ ਨੂੰ ਆਪਣੇ 'ਤੇ ਕੇਂਦਰਿਤ ਕਰੀਏ,
ਦੁਨੀਆਂ ਨੂੰ ਭੁੱਲ ਆਪਣੇ ਟੀਚੇ ਬਾਰੇ ਸੋਚੀਏ
ਤੇ
ਇਹ ਨਾ ਭੁਲੀਏ ਕੇ ਸੀਟ ਪਿੱਛੇ ਆਪਣਿਆਂ
ਦਾ ਹੱਥ ਹੈ
ਤੇ
ਬੇਗਾਨੇ ਅਕਸਰ ਸਦਾ ਲਈ ਡੇਗ ਦਿਆ ਕਰਦੇ ਹਨ,

ਆਓ! ਆਪਣਿਆਂ ਦੀ ਪਹਿਚਾਣ ਕਰਨਾ ਸਿੱਖੀਏ।

ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।

ਆਓ! ਪਹਿਲੀ ਵਾਰ ਪੈਡਲ ਮਾਰੀਏ,
ਸਿੱਖੀਏ ਕੇ
ਕੋਈ ਕੰਮ ਕਰਨ ਤੋਂ ਪਹਿਲਾਂ
ਸ਼ੁਰੂਆਤ ਕਰਨੀ ਪੈਂਦੀ ਹੈ,
ਡਿੱਗਣ 'ਤੇ ਵੀ ਤੁਹਾਨੂੰ
ਉੱਠਣਾ ਪੈਂਦਾ ਹੈ,
ਡਿੱਗਣ ਤੋਂ ਬਾਅਦ ਜੇ
ਤੁਸੀਂ ਸੀਟ 'ਤੇ ਨਾ ਬੈਠੇ
ਤੇ ਫਿਰ ਤੁਸੀਂ ਕਦੀ ਨਹੀਂ ਬੈਠ ਪਾਓਗੇ,

ਆਓ! ਇਸ ਸਬਕ ਤੋਂ ਕੁਝ ਸਿੱਖੀਏ।

ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।

ਆਓ! ਉਸ ਦ੍ਰਿਸ਼ ਨੂੰ ਦੁਬਾਰਾ ਦੇਖੀਏ
ਜਦੋਂ ਤੁਹਾਡੇ ਪਿਤਾ ਨੇ ਬਿਨਾਂ ਦੱਸੇ
ਸਾਈਕਲ ਨੂੰ ਆਸਰਾ ਦੇਣਾ ਛੱਡ ਦਿੱਤਾ ਸੀ,
ਦ੍ਰੂਰ ਜਾ ਕੇ ਜਦੋਂ ਤੁਸੀਂ ਦੇਖਿਆਂ,
ਪਿਤਾ ਦਾ 'ਬਾਏ-ਬਾਏ' ਕਰਦਾ ਹੱਥ ਤੇ
ਤੁਹਾਡਾ ਉਹ ਅਹਿਸਾਸ,
"ਮੈਨੂੰ ਸਾਈਕਲ ਚਲਾਉਣਾ ਆ ਗਿਆ।"
ਆਓ! ਉਸ ਖੁਸ਼ੀ ਨੂੰ ਫਿਰ ਮਹਿਸੂਸ ਕਰੀਏ,
ਜ਼ਿੰਦਗੀ 'ਚ ਦੁੱਖ ਬਹੁਤ ਨੇ,
ਆਓ! ਖੁਸ਼ੀਆਂ ਸਾਂਭਣਾ ਤੇ ਮਨਾਉਣਾ ਸਿੱਖੀਏ।

ਆਓ! ਫਿਰ ਸਾਇਕਲ ਚਲਾਉਣਾ ਸਿੱਖੀਏ।

ਜਦੋਂ ਤੁਸੀਂ ਆਪਣੇ ਬੱਚੇ ਨੂੰ
ਸਾਈਕਲ ਚਲਾਉਣਾ ਸਿਖਾਓਗੇ,
ਤੁਸੀਂ ਮਹਿਸੂਸ ਕਰੋਗੇ
ਜ਼ਿੰਦਗੀ ਤਾਂ ਕੇਵਲ ਦੁਹਰਾਓ ਹੈ,
ਕਦੇ ਤੁਸੀਂ ਸੀਟ ਉੱਤੇ
ਕਦੇ ਸੀਟ ਪਿੱਛੇ,
ਕਦੇ ਤੁਸੀਂ ਹੌਸਲਾ ਲੈਂਦੇ ਹੋ
ਕਦੇ ਦਿੰਦੇ ਹੋ,
ਕਦੇ ਖੁਦ ਡਿੱਗਦੇ
ਕਦੇ ਡਿੱਗਦੇ ਨੂੰ ਚੱਕਦੇ ਹੋ,

ਆਓ! ਇਸ ਫ਼ਲਸਫ਼ੇ ਤੋਂ ਬਹੁਤ ਕੁਝ ਸਿੱਖੀਏ।

ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।


-ਮੁਖਵੀਰ