Sunday, September 26, 2010

ਸਾਡੇ ਦਿਲਾਂ ਦੀ ਧੜਕਣ: ਸ਼ਹੀਦ ਭਗਤ ਸਿੰਘ


















"ਪਿਸਤੌਲਾਂ ਤੇ ਬੰਬਾਂ ਨਾਲ ਕਦੇ
ਇਨਕਲਾਬ ਨਹੀਂ ਲਿਆਏ ਜਾਂਦੇ,
ਸਗੋਂ ਇਨਕਲਾਬ ਦੀ ਤਲਵਾਰ,
ਵਿਚਾਰਾਂ ਦੀ ਸਾਣ 'ਤੇ ਤੇਜ਼ ਹੁੰਦੀ ਹੈ'
-ਭਗਤ ਸਿੰਘ


-ਜਬ ਕਫਸ ਸੇ ਲਾਸ ਨਿਕਲੀ ਬੁਲਬੁਲੇ
ਨਾਸ਼ਾਦ ਕੀ
ਇਸ ਕਦਰ ਰੋਇਆ ਕਿ ਹਿਚਕੀ ਬੰਧ
ਗਈ ਸੱਯਦ ਕੀ।
ਕਮਸਿਨੀ ਮੇਂ ਖੇਲ ਖੇਲੇ ਨਾਮ ਲੇ ਲੇ ਕਰ ਤੇਰੇ।
(ਸ਼ਹੀਦ ਭਗਤ ਸਿੰਘ ਭਗਵਾਨ ਦਾਸ ਮਾਹੌਰ ਤੋਂ ਵਾਰ-ਵਾਰ ਇਹ ਗ਼ਜ਼ਲ ਸੁਣਦਾ ਹੁੰਦਾ ਸੀ)

-ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ
ਉਨ੍ਹਾਂ ਲੱਖ ਮੁਸੀਬਤਾਂ ਝਲੀਆਂ ਨੇ।
(ਸ਼ਹੀਦ ਭਗਤ ਸਿੰਘ ਅਕਸਰ ਕਰਤਾਰ ਸਿੰਘ ਸਰਾਭੇ ਦੀਆਂ ਇਹ ਤੁਕਾਂ ਗਾਉਂਦਾ)





ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਮੇਰੀ ਇਕ ਕਵਿਤਾ










ਭਗਤ ਸਿੰਘ ਦੀ ਤਸਵੀਰ ਮੈਨੂੰ ਕੁਝ ਕਹਿੰਦੀ ਹੈ

"ਇਤਿਹਾਸ ਦੇ ਸਫ਼ੇ 'ਤੇ ਛਪੀ ਮੇਰੀ ਤਸਵੀਰ ਤੂੰ ਕਿੰਝ ਵੇਖੀ?
ਮੇਰੇ ਹੱਥ ਵਿਚ ਫੜੀ ਪਿਸਤੌਲ ਹੀ ਤੂੰ ਕਿਉਂ ਵੇਖੀ?
ਮੇਰੇ ਹੱਥ ਵਿਚ ਲੈਨਿਨ ਦੀ ਕਿਤਾਬ ਵੀ ਸੀ
ਦੋ-ਚਾਰ ਅੰਗਰੇਜ਼ਾਂ ਨੂੰ ਮਾਰਦੀ ਹੀ ਤਸਵੀਰ ਤੂੰ ਕਿਉਂ ਵੇਖੀ?
ਹਰ ਯੁੱਗ ਵਿਚ ਜ਼ਾਲਮਾਂ ਨੂੰ ਮਾਰਨਾ ਵੀ ਜ਼ਰੂਰੀ ਹੁੰਦਾ ਹੈ
ਪਰ ਹੱਕ ਦੀ ਆਵਾਜ਼ ਬੁਲੰਦ ਕਰਦੀ
ਤੂੰ ਕੋਈ ਕਿਤਾਬ ਕਿਉਂ ਨਾ ਵੇਖੀ?"

ਹੱਕ ਦੀ ਆਵਾਜ਼ ਸੁਣਨ ਦੀ ਚਾਹਤ
ਮੇਰੇ ਮਨ ਵਿਚ ਰਹਿੰਦੀ ਹੈ

ਭਗਤ ਸਿੰਘ ਦੀ ਤਸਵੀਰ ਮੈਨੂੰ ਕੁਝ ਕਹਿੰਦੀ ਹੈ

"ਲੱਭ ਨਾ ਸਕਿਆ ਤੂੰ ਮੇਰੀਆਂ ਲ਼ਿਖਤਾਂ **
ਇਤਿਹਾਸ ਦੇ ਰੋਲੇ ਵਿਚ ਹੈ ਜੋ ਰੁੱਲੀਆਂ
ਉਹ ਤੂੰ ਨਾ ਪੜ੍ਹੀਆਂ ਤਾਂ ਕੌਣ ਪੜ੍ਹੇਗਾ?
ਮੈਂ ਤਾਂ ਤੇਰੇ ਲਈ ਹੀ ਸਨ ਲਿਖੀਆਂ
ਆਜ਼ਾਦੀ ਦੇ ਸੰਗਰਾਮ ਦਾ ਸੱਚ ਉਹਨਾਂ ਵਿਚ
ਲ਼ੱਭ
ਕਿੱਥੇ ਵਾਂਗ ਪਤਾਸੇ ਘੁਲੀਆਂ।"

ਉਹਨਾਂ ਕਿਤਾਬਾਂ ਨੂੰ ਪੜ੍ਹਣ ਦੀ ਚਾਹਤ
ਮੇਰੇ ਮਨ ਰਹਿੰਦੀ ਹੈ

ਭਗਤ ਸਿੰਘ ਦੀ ਤਸਵੀਰ ਮੈਨੂੰ ਕੁਝ ਕਹਿੰਦੀ ਹੈ


"ਮੇਰੀਆਂ ਕਿਤਾਬਾਂ ਨਹੀਂ ਪੜ੍ਹੀਆਂ ਸੀ
ਤਾਂ ਤੂੰ ਮੇਰੀਆਂ ਚਿੱਠੀਆਂ ਹੀ ਪੜ੍ਹ ਲੈਂਦਾ
ਮੈਨੂੰ ਨਹੀਂ ਸੀ ਮਿਲਿਆ ਤਾਂ
ਰੂਸੋ ਨੂੰ ਹੀ ਮਿਲ ਲੈਂਦਾ
ਜੇ ਤੂੰ ਇਨਕਲਾਬ ਨਹੀਂ ਕਹਿਣਾ ਸੀ
ਤਾਂ
ਮਗਰੋਂ ਜ਼ਿੰਦਾਬਾਦ ਹੀ ਕਹਿ ਦਿੰਦਾ"

'ਇਨਕਲਾਬ' ਕਹਿਣ ਦੀ ਇੱਛਾ
ਮੇਰੇ ਮਨ ਵਿਚ ਰਹਿੰਦੀ ਹੈ

ਭਗਤ ਸਿੰਘ ਦੀ ਤਸਵੀਰ ਮੈਨੂੰ ਕੁਝ ਕਹਿੰਦੀ ਹੈ

"ਤੈਨੂੰ ਇਹ ਵੀ ਪਤਾ ਨਹੀਂ ਕਿ
ਫਰਾਂਸ ਤੇ ਰੂਸ ਦੀ ਕਰਾਂਤੀ ਨੇ ਕਿਵੇਂ
ਦੁਨੀਆਂ ਦੀ ਬਦਲ ਦਿੱਤੀ ਸੀ ਕਾਇਆ
ਤੇ ਹੁਣ ਤੂੰ ਕਿਸੇ ਕਰਾਂਤੀ ਬਾਰੇ ਸੋਚ ਨਾ ਸਕੇ ਇਸ ਲਈ
ਤੈਂਨੂੰ ਨਸ਼ਿਆਂ ਵਿਚ ਹੈ ਪਾਇਆ
ਅੰਗਰੇਜ਼ਾ ਤੋਂ ਸਿੱਖਿਆ ਇਹਨਾਂ ਨੇ
'ਪਾੜੋ ਤੇ ਰਾਜ ਕਰੋ
ਪਰ ਇਹਨਾਂ ਚਾਲਾਂ ਬਾਰੇ
ਤੈਨੂੰ ਕੁਝ ਵੀ ਸਮਝ ਨਾ ਆਇਆ"

ਇਹਨਾਂ ਚਾਲਾਂ ਨੂੰ ਸਮਝਣ ਦੀ ਚਾਹਤ
ਮੇਰੇ ਮਨ ਵਿਚ ਵੀ ਰਹਿੰਦੀ ਹੈ

ਭਗਤ ਸਿੰਘ ਦੀ ਤਸਵੀਰ ਮੈਨੂੰ ਕੁਝ ਕਹਿੰਦੀ ਹੈ
-ਮੁਖਵੀਰ








**ਭਗਤ ਸਿੰਘ ਨੇ ਚਾਰ ਪੁਸਤਕਾਂ ਲਿਖੀਆਂ ਆਟੋਬਾਇਓਗ੍ਰਾਫੀ (ਆਤਮ ਕਥਾ), ਡੋਰ ਟੂ ਡੈੱਥ(ਮੌਤ ਦੇ ਬੂਹੇ 'ਤੇ), ਆਈਡੀਅਲ ਆਫ਼ ਸੋਸ਼ਲਿਜ਼ਮ (ਸਮਾਜਵਾਦ ਦਾ ਆਦਰਸ਼) ਅਤੇ ਦਿ ਰੈਵੋਲਿਉਸ਼ਨਰੀ ਮੂਵਮੈਂਟ ਆਫ਼ ਇੰਡੀਆ (ਭਾਰਤ ਦੀ ਕਰਾਂਤੀਕਾਰੀ ਲਹਿਰ) ਜਿਹਨਾਂ ਦੀ ਪ੍ਰਾਪਤੀ ਅਜੇ ਵੀ ਖੋਜ ਦੀ ਮੁਹਤਾਜ ਹੈ।

ਭਗਤ ਸਿੰਘ ਇਕ ਮਹਾਨ ਚਿੰਤਕ ਵੀ ਸੀ। ਉਸ ਦੀ ਵਿਚਾਰਧਾਰਾ ਇਕ ਡੂੰਘੇ ਅਧਿਐਨ ਦਾ ਸਿੱਟਾ ਸੀ। ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਦੇਣ ਵਾਲੇ ਭਗਤ ਸਿੰਘ ਨੇ ਸਮਾਜਵਾਦ ਦੇ ਪਿਤਾਮਾ ਕਾਰਲ ਮਾਰਕਸ ਤੋਂ ਇਲਾਵਾ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ਵਿਚ ਸਫ਼ਲ ਕਰਾਂਤੀ ਲਿਆਉਣ ਵਾਲੇ ਹੋਰ ਵਿਦਵਾਨਾਂ ਦੀਆਂ ਲਿਖਤਾਂ ਦਾ ਡੂੰਘਾ ਅਧਿਐਨ ਕੀਤਾ।ਰੂਸ ਤੇ ਫਰਾਂਸ ਦੀ ਕਰਾਂਤੀ ਬਾਰੇ ਉਸ ਨੇ ਬਹੁਤ ਕੁਝ ਪੜਿਆ। ਉਸ ਨੇ ਬਾਕੂਨਿਨ ਦੀ ਕਿਤਾਬ ਗੌਡ ਐਂਡ ਸਟੇਟ*(ਰੱਬ ਤੇ ਸਿਆਸਤ) ਨੂੰ ਵੀ ਪੜਿਆ। ਨਿਰਲੰਬ ਸਵਾਮੀ ਦੀ ਕਿਤਾਬ 'ਕਾਮਨ ਸੈਂਸ' ਜਿਸ ਦਾ ਵਿਸ਼ਾ ਅਧਿਆਤਮਕ ਨਾਸਤਕਵਾਦ ਸੀ ਵਿਚ ਭਗਤ ਸਿੰਘ ਨੇ ਬਹੁਤ ਦਿਲਚਸਪੀ ਦਿਖਾਈ।

ਸ਼ਹੀਦ ਭਗਤ ਸਿੰਘ ਬਾਰੇ ਕੁਝ ਪੜ੍ਹਨ ਯੋਗ ਪੁਸਤਕਾਂ:-
ਸ਼ਹੀਦ ਭਗਤ ਸਿੰਘ ਵਿਚਾਰਧਾਰਾ : ਬਲਵੀਰ ਪਰਵਾਨਾ(ਸੰਪਾ)
ਸ਼ਹੀਦ ਭਗਤ ਸਿੰਘ: ਕਰਤਾਰ ਸਿੰਘ ਦੁੱਗਲ
ਸ਼ਹੀਦ ਭਗਤ ਸਿੰਘ 'ਇਕ ਜੀਵਨੀ': ਜੀ.ਐਸ.ਦਿਉਲ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ: ਜਗਮੋਹਨ ਸਿੰਘ (ਸੰਪਾ)
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ: ਰਾਜਿੰਦਰ ਪਾਲ ਸਿੰਘ (ਅਨੁ)
Bhagat singh making of a Revolutionary: K.C.Yadav and Babar Singh
Bhagat Singh a Biography: Jitendra Nath Sangal

Thursday, September 2, 2010

ਪੰਛੀਆਂ ਪ੍ਰਤੀ ਬਦਲ ਰਹੀ ਪੰਜਾਬੀਆਂ ਦੀ ਲੋਕ-ਮਾਨਸਿਕਤਾ

ਪੰਜਾਬੀ ਲੋਕ-ਮਾਨਸ ਦਾ ਮੁੱਢ-ਕਦੀਮ ਤੋਂ ਪਸ਼ੂ-ਪੰਛੀਆਂ ਨਾਲ ਅੰਤਾਂ ਦਾ ਮੋਹ ਰਿਹਾ ਹੈ। ਉਸ ਦੇ ਯਾਰ ਬੇਲੀਆਂ ਵਿਚ ਜਿਥੇ ‘ਬੱਗੇ-ਬਲਦ’ ਸ਼ਾਮਿਲ ਸਨ ਉਥੇ ‘ਚੀਨੇ ਕਬੂਤਰਾਂ’ ਦਾ ਸਾਥ ਵੀ ਉਸ ਦੀ ਰੂਹ ਨੂੰ ਸਕੂਨ ਦਿੰਦਾ ਸੀ। ਕੀ ਪਸ਼ੂ ਤੇ ਕੀ ਪੰਛੀ ਸਭ ਦਾ ਪੰਜਾਬੀ ਲੋਕ-ਮਾਨਸ ਨਾਲ ਅਪਣੱਤ ਦਾ ਰਿਸ਼ਤਾ ਸੀ। ਸਮਾਂ ਬਦਲਿਆ ਤੇ ਨਾਲ ਹੀ ਬਦਲੀ ਮਨੁੱਖੀ ਸੋਚ। ਪਦਾਰਥਵਾਦੀ ਯੁੱਗ ਵਿਚ ਮਨੁੱਖੀ ਰਿਸ਼ਤੇ ਪਦਾਰਥਾਂ ਦੇ ਲੈਣ-ਦੇਣ ਤੱਕ ਸੀਮਿਤ ਹੋ ਗਏ। ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਭਾਵਾਂ ਦੀ ਬਜਾਏ ਆਰਥਿਕਤਾ ਨੇ ਤੈਅ ਕਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਸਮੇਂ ਪੰਛੀਆਂ ਨਾਲ ਮੋਹ ਦੀ ਗੱਲ ਜਿਵੇਂ ਮਨੁੱਖੀ ਸੋਚਣ ਸ਼ਕਤੀ ਤੋਂ ਬਾਹਰ ਹੋ ਗਈ ਹੋਵੇ।
ਪੁਰਾਣਿਆਂ ਸਮਿਆਂ ਵਿਚ ਕੁੱਲ ਲੁਕਾਈ ਨੂੰ ਕਾਂ ਦਾ ਕਲਾਉਣਾ ਮਿੱਠਾ ਅਹਿਸਾਸ ਪ੍ਰਦਾਨ ਕਰਦਾ ਹੈ। ਵਿਛੜ ਗਏ ਆਪਣੇ ਨਾਲ ਮਿਲਣ ਦੀ ਆਸ ਨੂੰ ਲੋਕ-ਮਾਨਸਿਕਤਾ ਬਨੇਰੇ ’ਤੇ ਕਾਂ ਦੇ ਬੋਲਣ ਨਾਲ ਜੋੜ ਕੇ ਦੇਖਦੀ ਹੈ। ਪੰਜਾਬੀ ਲੋਕ-ਮਨ ਬਨੇਰੇ ’ਤੇ ਬੈਠੇ ਕਾਂ ਨੂੰ ਮਹਿਮਾਨ ਦੀ ਆਮਦ ਦੇ ਪ੍ਰਤੀਕ ਵਜੋਂ ਲੈਂਦਾ ਹੈ। ਅਜਿਹੇ ਸੁੱਖ-ਸੁਨੇਹਿਆਂ ਲਈ ਕਾਂ ਨੂੰ ਚੂਰੀ ਨਾਲ ਨਿਵਾਜਿਆ ਜਾਂਦਾ ਰਿਹਾ ਹੈ। ਪੰਜਾਬੀ ਲੋਕ-ਜੀਵਨ ਵਿਚ ਕਾਂ ਦੇ ਕਲਾਉਣ ਨੂੰ ਸ਼ੁਭ ਸ਼ਗਨ ਤਸਲੀਮ ਕੀਤਾ ਜਾਂਦਾ ਹੈ।
ਕੋਠੇ ਤੇ ਕਾਂ ਬੋਲੇ ।
ਚਿੱਠੀ ਸਾਡੇ ਮਾਹੀਏ ਦੀ ,
ਵਿਚ ਮੇਰਾ ਨਾਂ ਬੋਲੇ।
ਲੋਕ-ਗੀਤਾਂ ਦੇ ਬੋਲਾਂ ਵਿਚ ਕਾਂ ਕੋਇਲ ਤੋਂ ਵੀ ਜ਼ਿਆਦਾ ਪਿਆਰਾ ਹੈ । ‘ਕੋਇਲਾਂ ਕੂਕਦੀਆਂ, ਕਿਤੇ ਬੋਲ ਵੇ ਚੰਦਰਿਆ ਕਾਵਾਂ,’ ਵਾਲੀ ਸਥਿਤੀ ਵਿਚ ਕੋਇਲ ਦੀ ਕੂਕ ਜਿਥੇ ਬਿਰਹੋਂ ਬਿਆਨ ਕਰਦੇ ਹਨ ਉਥੇ ਕਾਂ ਦੀ ਆਵਾਜ਼ ਵਿਚ ‘ਮਿਲਾਪ ਦੀ ਆਸ’ ਹੈ।
ਉੱਡਦਾ ਵੇ ਜਾਵੀਂ ਕਾਵਾਂ,
ਬਹਿੰਦੜਾ ਵੀ ਜਾਵੀਂ ਕਾਵਾਂ,
ਜਾਵੀਂ ਤੇ ਜਾਵੀਂ ਮੇਰੇ ਪੇਕੜੇ।
ਪਹਿਲਾ ਸਨੇਹੜਾ,
ਮੇਰੀ ਮਾਂ ਰਾਣੀ ਨੂੰ ਦੇਵੀਂ,
ਦੂਜਾ ਭੈਣ ਭਰਾਵਾਂ ।
ਤੀਜਾ ਸਨੇਹੜਾ ਮੇਰੇ ਪਿੱਪਲਾਂ ਨੂੰ ਦੇਵੀਂ,
ਜਿਥੇ ਮੈਂ ਪੀਘਾਂ ਪਾਵਾਂ ।
ਚੌਥਾ ਸਨੇਹੜਾ ਸਹੇਲੀਆਂ ਨੂੰ ਦੇਵੀਂ ,
ਜਿਨਾਂ ਨਾਲ ਖੇਡਣ ਜਾਵਾਂ।
ਉੱਡਦਾ ਵੇ ਜਾਵੀਂ ਕਾਵਾਂ।
ਪਰ ਅਖੌਤੀ ਆਧੁਨਿਕ ਜੀਵਨ ਜਾਚ ਵਿਚ ਉਹੀ ਸੁੱਖ-ਸੁਨੇਹੇ ਦੇਣ ਵਾਲਾ ਕਾਂ ਮਾਰ ਕੇ ਟੰਗਿਆ ਮਿਲਦਾ ਹੈ।






ਹੁਣ ਫ਼ਸਲਾਂ ਦੀ ਰਾਖੀ ਲਈ ਪੰਛੀਆਂ ਨੂੰ ਉਡਾਇਆ ਨਹੀਂ ਜਾਂਦਾ ਸਗੋਂ ਮਾਰ ਦਿੱਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਵਾਰੀ ਕਾਂ ਦੀ ਆਉਂਦੀ ਹੈ। ਪਿਛਲੇ ਦਿਨੀਂ ਮੈਂ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਵਾਨ ਦਾ ਅਖ਼ਬਾਰ ਵਿਚ ਲੇਖ ਪੜਿਆ, ਲੇਖ ਪੰਛੀਆਂ ਤੋਂ ਫ਼ਸਲਾਂ ਨੂੰ ਬਚਾਉਣ ਬਾਰੇ ਸੀ। ਲੇਖ ਪੜ• ਕੇ ਬੜਾ ਦੁੱਖ ਹੋਇਆ ਕਿ ਉਸ ਨੇ ਪੰਛੀਆਂ ਤੋਂ ਰਾਖੀ ਲਈ ਕਾਂ ਮਾਰ ਕੇ ਟੰਗਣ ਦੀ ਸ਼ਿਫ਼ਾਰਸ਼ ਕੀਤੀ ਸੀ ਤੇ ਨਾਲ ਹੈਰਾਨੀ ਵੀ ਹੋਈ ਕਿ ਸਾਡੇ ਅਖੌਤੀ ਖੇਤੀ ਵਿਗਿਆਨੀ ਇਸ ਵਿਗਿਆਨਕ ਯੁੱਗ ਵਿਚ ਕਿੰਨੀ ਅਵਿਗਿਆਨਕ ਧਾਰਨਾ ਪੇਸ਼ ਕਰ ਰਹੇ ਹਨ। ਸ਼ਾਇਦ ਇਹਨਾਂ ਧਾਰਨਾਵਾਂ ਦਾ ਅਸਰ ਇਹ ਹੋਇਆ ਕਿ ‘ਮਾਰ ਕੇ ਟੰਗਿਆ ਕਾਂ’ ਇਕ ਚਿੰਨ• ਬਣ ਗਿਆ ਕਿ ਜੇ ਹੋਰ ਕੋਈ ਪੰਛੀ ਇਸ ਖੇਤ ਵਿਚ ਆਇਆ ਤਾਂ ਉਸ ਦਾ ਹਾਲ ਵੀ ਇਸ ਕਾਂ ਵਰਗਾ ਹੋਵੇਗਾ ਅਤੇ ਜੇ ਕੋਈ ਹੋਰ ਪੰਛੀ ਖੇਤਾਂ ਵਿਚ ਆਉਂਦਾ ਵੀ ਹੈ ਤਾਂ ਸੱਚਮੁੱਚ ਉਸ ਦਾ ਹਾਲ ਕਾਂ ਵਾਲਾ ਹੀ ਹੁੰਦਾ ਹੈ।

ਮਾਰ ਕੇ ਟੰਗੇ ਪੰਛੀਆਂ ਦਾ ਕਸੂਰ ਕੇਵਲ ਐਨਾ ਹੁੰਦਾ ਹੈ ਕਿ ਇਹ ਆਪਣਾ ਪੇਟ ਭਰਨ ਲਈ ਕੁਦਰਤ ਦੀ ਦਾਤ ਉਪਜਾਊ ਜ਼ਮੀਨ ਵਿਚੋਂ ਉਪਜੀ ਬਨਸਪਤੀ ਨੂੰ ਆਪਣਾ ਭੋਜਨ ਬਣਾਉਂਦੇ ਹਨ। ਮਨੁੱਖ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਪੰਛੀ ਤੋਤਾ ਹੈ ਜਾਂ ਕਾਂ, ਉਸ ਨੂੰ ਮੌਤ ਦੀ ਇਹ ਖੇਡ ਆਪਣਾ ਫ਼ਰਜ਼ ਜਾਪਦੀ ਹੈ, ਫ਼ਸਲਾਂ ਦੀ ਰਾਖੀ ਦਾ ਫ਼ਰਜ਼। ਪਰ ਪਹਿਲਾਂ ਵੀ ਤਾਂ ਇਹ ਪੰਛੀ ਫ਼ਸਲਾਂ ਦਾ ਨੁਕਸਾਨ ਕਰਦੇ ਸਨ ਪਰ ਉਦੋਂ ਇਹਨਾਂ ਪੰਛੀਆਂ ਨੂੰ ਕੇਵਲ ਉਡਾਇਆ ਜਾਂਦਾ ਸੀ। ਉਦੋਂ ਲੋਕ-ਮਨ ਇਹਨਾਂ ਦੁਆਰਾ ਕੀਤੇ ਨੁਕਸਾਨ ਨੂੰ ਵੀ ਅਲੱਗ ਦ੍ਰਿਸ਼ਟੀ ਨਾਲ ਵੇਖਦਾ ਸੀ।
ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ,
ਸੋਹਣੀ ਭਾਬੋ ਨੂੰ ਦਿਉਰ ਵੱਸਣ ਨਾ ਦੇਵੇ।

ਉਪਰੋਕਤ ਲੋਕ-ਉਕਤੀ ਵਿਚ ਤੋਤੇ ਤੇ ਦਿਉਰ ਦੀ ਇਕੋ ਜਿਹੀ ਸਥਿਤੀ ਹੈ ਤੇ ਲੋਕ-ਜੀਵਨ ਵਿਚ ਇਸ ਸਥਿਤੀ ਦੀ ਸਜ਼ਾ ਮੌਤ ਕਦੇ ਨਹੀਂ ਹੁੰਦੀ। ਪੰਜਾਬੀਆਂ ਦੀ ਫ਼ਸਲ ਨਾਲ ਆਰਥਿਕਤਾ ਜੁੜੀ ਰਹੀ ਹੈ, ਲੋਕ-ਗੀਤਾਂ ਰਾਹੀਂ ਪੰਛੀਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਂਦਾ :

ਛਿੱਟੇ ਨਾ ਉਜਾੜੋ ਤੋਤਿਓ,
ਅਸੀਂ ਬਾਜਰੇ ਤੋਂ ਘੱਗਰਾ ਸਮਾਉਣਾ

ਪਰ ਕਿਸੇ ਪੰਛੀ ਨੂੰ ਮਾਰਨ ਦਾ ਜ਼ਿਕਰ ਕੀਤੇ ਨਹੀਂ ਮਿਲਦਾ ਜਿਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਇਹ ਰੁਝਾਨ ਆਧੁਨਿਕਤਾ ਦੀ ਦੇਣ ਹੈ। ਮੁੱਢ-ਕਦੀਮ ਦਾ ਪੰਜਾਬੀ ਲੋਕ-ਮਾਨਸ ਤਾਂ ਫ਼ਸਲ ਬੀਜਣ ਤੋਂ ਪਹਿਲਾਂ ਅਰਦਾਸ ਕਰਦਾ ਸੀ ਕਿ ਫ਼ਸਲ ਪੰਛੀਆਂ ਦੇ ਵੀ ਕਰਮੀ-ਭਾਗੀਂ ਹੋਵੇ।
ਚਿੜੀ ਜਨੌਰ ਦੇ ਭਾਗੀਂ ।
ਹਾਲੀ ਪਾਲੀ ਦੇ ਭਾਗੀਂ ।
ਰਾਹੀਂ ਪਾਂਧੀ ਦੇ ਭਾਗੀਂ ।
ਖਾਧੇ ਪੀਤੇ ਦੇ ਭਾਗੀਂ ।
ਇਸ ਪਿੱਛੇ ਲੋਕ-ਮਾਨਸਿਕਤਾ ਇਹ ਸੀ ਕਿ ਇਹਨਾਂ ਵਿਚਾਰਿਆਂ ਦੇ ਕਿਹੜੇ ਹਲ ਚਲਦੇ ਹਨ। ਪਰ ਜਿਸ ਤਰ•ਾਂ ਮਨੁੱਖੀ ਸੋਚ ’ਤੇ ਆਰਥਿਕਤਾ ਭਾਰੂ ਹੋਈ ਉਸ ਨਾਲ ਉਹ ਹਰ ਪੰਛੀ ਨੂੰ ਆਪਣਾ ਦੁਸ਼ਮਣ ਸਮਝਣ ਲੱਗਾ। ਇਥੋਂ ਤੱਕ ਕਿ ਬੱਚਿਆਂ ਦੀਆਂ ਸਕੂਲੀ ਕਿਤਾਬਾਂ ਰਾਹੀਂ ਬਾਲ-ਮਨ ਵਿਚ ਹੀ ਇਹ ਧਾਰਨਾ ਪੈਦਾ ਕਰ ਦਿੱਤੀ ਗਈ ਕਿ ਫ਼ਸਲਾਂ ਨੂੰ ਖਾਣ ਵਾਲਾ ਹਰ ਪੰਛੀ ਮਨੁੱਖ ਦਾ ਦੁਸ਼ਮਣ ਹੈ। ਕੀ ਇਸ ਧਰਤੀ ਤੇ ਫ਼ਸਲ ਬੀਜੀ ਜਾਂਦੀ ਹੈ ਉਸ Àੱੁੱਤੇ ਬਾਕੀ ਕੁਦਰਤੀ ਜੀਵਾਂ ਦਾ ਕੋਈ ਹੱਕ ਨਹੀਂ? ਪੁਰਾਣੇ ਸਮਿਆਂ ਵਿਚ ਜਦੋਂ ਕਿਤਾਬਾਂ ਦੀ ਪੜਾਈ ਨਹੀਂ ਸੀ ਹੁੰਦੀ, ਜਦੋਂ ਬੁਝਾਰਤਾਂ ਹੀ ਬਾਲ-ਮਨ ਦਾ ਵਿਕਾਸ ਕਰਦੀਆਂ ਸਨ। ਉਹਨਾਂ ਬੁਝਾਰਤਾਂ ਵਿਚ ਪੰਛੀਆਂ ਨਾਲ ਲੋਕ-ਮਾਨਸ ਦੀ ਸਾਂਝ ਥਾਂ-ਪਰ-ਥਾਂ ਮਿਲਦੀ ਹੈ: -

ਅੰਗ ਅੰਗ ਹੈ ਘੜਿਆ ਹੋਇਆ
ਨਗ ਨਗ ਹੈ ਜੜਿਆ ਹੋਇਆ
ਕਿਸ ਛੱਬ ਦੇ ਉਬਰੇ ਨਾ ਛਾਪ
ਕਿਸੇ ਅਨੋਖੇ ਦਾ ਹੱਥ ਜਾਪੇ
ਕਿਸ ਢੱਬ ਦਾ ਹੈ ਇਹ ਲਲਾਰੀ
ਕੇਹੀ ਕੀਤੀ ਮੀਨਾਕਾਰੀ
ਕਨੀ ਨੂੰ ਸੌ ਸੌ ਵਲ ਪੈਣ ਚਾਲ ਮਟਕਣੀ
ਚੰਚਲ ਨੈਣ ਸਿਰ ਕਲਗੀ ਤੇ
ਮੈਲੇ ਪੈਰ ਕਸਰ ਰਹੀ ਬਸ ਥੋੜੀ ਖੈਰ।

-ਇਕ ਪੰਛੀ ਐਸਾ
ਜਿਸ ਦੀ ਪੂੰਛ ਤੇ ਪੈਸਾ।
ਇਹ ਬੁਝਾਰਤਾਂ ਖੇਤਾਂ ਵਿਚ ਘੁੰਮਦੇ ਮੋਰ ਨਾਲ ਸੰਬੰਧਿਤ ਹਨ ਜਿਸ ਨੂੰ ਬਾਲ ਬੁੱਝਣ ਵਿਚ ਇਕ ਮਿੰਟ ਨਾ ਲਾਉਂਦੇ ਕਿਉਂਕਿ ਪੈਲਾਂ ਪਾਉਂਦੇ ਮੋਰ ਉਹਨਾਂ ਦੇ ਹਮੇਸ਼ਾ ਅੰਗ-ਸੰਗ ਰਹਿੰਦੇ ਸਨ। ਪਰ ਹੁਣ ਮੋਰ ਵੀ ਮਨੁੱਖੀ ਜੀਵਨ ਸ਼ੈਲੀ ਦਾ ਸ਼ਿਕਾਰ ਹੋ ਰਹੇ ਹਨ।









ਮੋਰ ਤੇ ਸ਼ਾਰਕ ਦੇ ਬਾਰੇ ਬੁਜ਼ਰਗਾਂ ਤੋਂ ਸੁਣੀਆਂ ਬਾਤਾਂ ਵਿਚ ਅਸੀਂ ਸੁਣਦੇ ਰਹੇ ਹਾਂ ਕਿ ਕਿਸ ਤਰਾਂ ਸ਼ਾਰਕ ਨੇ ਮੋਰ ਦੇ ਸੁੰਦਰ ਪੈਰ ਵਿਆਹ ਦੇਖਣ ਲਈ ਲਏ ਸਨ ਤੇ ਅੱਜ ਤੱਕ ਵਾਪਸ ਨਹੀਂ ਕੀਤੇ। ਇਹ ਬਾਤਾਂ ਜਿਥੇ ਭਰਪੂਰ ਮੰਨੋਰਜਨ ਕਰਦੀਆਂ ਉੱਥੇ ਲੋਕ-ਮਨ ਦੀ ਪੰਛੀਆਂ ਨਾਲ ਡੂੰਘੀ ਸਾਂਝ ਵੀ ਅਭਿਵਿਅਕਤ ਕਰਦੀਆਂ ਹਨ। ਪਰ ਹੁਣ ਇਹਨਾਂ ਬਾਤਾਂ ਦੇ ਪਾਤਰ ਡੂੰਘੀ ਨੀਂਦੇ ਸੌਂਦੇ ਜਾ ਰਹੇ, ਕੀ ਮੋਰ ਤੇ ਕੀ ਸ਼ਾਰਕਾਂ ਮਨੁੱਖ ਦੇ ਖੂਨੀ ਪੰਜੇ ਸਭ ਦੇ ਖੂਨ ਨਾਲ ਲੱਥ-ਪੱਥ ਹੋ ਰਹੇ ਹਨ:


ਕੁਦਰਤ ਦੀ ਸੁੰਦਰ ਦੇਣ ਇਹ ਪੰਛੀ ਜਿਹਨਾਂ ਤੋਂ ਮਨੁੱਖ ਨੇ ਆਸਮਾਨ ਵਿਚ ਉਡਾਰੀਆਂ ਲੈਣ ਦੀ ਪ੍ਰੇਰਨਾ ਲਈ। ਜਿਹਨਾਂ ਦੀ ਬੇਤੇਹਾਸ਼ਾ ਖ਼ੂਬਸੂਰਤੀ ਦਾ ਜ਼ਿਕਰ ਆਪਣੇ ਬੱਚੇ ਲਈ ਵਰਤੇ ਮਾਂ ਦੇ ਮਮਤਾ ਭਰੇ ਬੋਲਾਂ ਵਿਚੋਂ ਵੀ ਆਪ-ਮੁਹਾਰੇ ਨਿਕਲਦਾ ਹੈ, “ਮੇਰੇ ਬਾਗਾਂ ਦਾ ਤੋਤਾ।” ਜਿਹਨਾਂ ਦਾ ਨਾਂ ਕਈ ਮਨੁੱਖਾਂ ਦੇ ਨਾਵਾਂ ਨਾਲ ਜੁੜ ਗਿਆ ਭਾਵੇਂ ਉਹ ਤੋਤਾ ਸਿੰਘ ਜਾਂ ਤੋਤਾ ਰਾਮ ਹੋਵੇ ਭਾਵੇਂ ਸਾਡਾ ਮਿਥਿਹਾਸਕ ਪਾਤਰ ਸ਼ੁਕਦੇਵ। ਕਹਿੰਦੇ ਹਨ ਕਿ ਜਦੋਂ ਮਹਾਨ ਸਿਕੰਦਰ ਪੰਜਾਬ ਆਇਆ ਤਾਂ ਉਸ ਨੇ ਪਹਿਲੀ ਵਾਰ ਤੋਤਾ ਵੇਖਿਆ ਸੀ ਉਹ ਇਸ ਦੀ ਖ਼ੂਬਸੂਰਤੀ ਤੇ ਮਨੁੱਖ ਵਾਂਗ ਬੋਲਣ ਦੀ ਪ੍ਰਤਿਭਾ ਵੇਖ ਕੇ ਉਹ ਦੰਗ ਰਹਿ ਗਿਆ ਵਾਪਸ ਜਾਣ ਲੱਗੇ ਉਹ ਬਹੁਤ ਸਾਰੇ ਹੀਰਾਮਨ ਤੋਤੇ ਆਪਣੇ ਨਾਲ ਲੈ ਗਿਆ ਤਾਂ ਕਿ ਉਹਨਾਂ ਦਾ ਦੇਸ਼ ਇਸ ਖ਼ੂਬਸੂਰਤ ਪੰਛੀ ਤੋਂ ਵਾਂਝਾ ਨਾ ਰਹਿ ਜਾਵੇ। ਉਦੋਂ ਤੋਂ ਹੀ ਹੀਰਾਮਨ ਤੋਤੇ ਦਾ ਨਾਂ ਸਿਕੰਦਰੀ ਤੋਤਾ ਪੈ ਗਿਆ। ਤੇ ਅਸੀਂ ਹੁਣ ਇਹਨਾਂ ਖ਼ੂਬਸੂਰਤ ਪੰਛੀਆਂ ਦੀਆਂ ਜਾਨਾਂ ਨਾਲ ਖੇਡ ਰਹੇ ਹਾਂ। ਰੁੱਖਾਂ ਦੀ ਬੇਹਿਸਾਬੀ ਕਟਾਈ ਕਾਰਨ ਹੁਣ ਪੰਛੀਆਂ ਦੇ ਛੋਟੇ ਬੱਚਿਆਂ ਨੂੰ ਸਿਰ ਛਪਾਉਣ ਲਈ ਜਗਾ ਨਸੀਬ ਨਹੀਂ ਹੁੰਦੀ ਜਿਸ ਕਾਰਨ ਇਹ ਪੰਛੀ ਛੋਟੀ ਉਮਰੇ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ।












ਉਪਰੋਕਤ ਤਸਵੀਰ ਉਹਨਾਂ ਤੋਤੇ ਦੇ ਬੱਚਿਆਂ ਦੀਆਂ ਹਨ ਜਿਹਨਾਂ ਨੇ ਸਾਡੇ ਖੇਤਾਂ ਦੇ ਨੇੜੇ ਇਕ ਦਰਖੱਤ ਵਿਚ ਆਪਣਾ ਜੀਵਨ ਆਰੰਭ ਕੀਤਾ ਸੀ। ਇਕ ਦਿਨ ਤੇਜ਼ ਹਨੇਰੀ ਨਾਲ ਦਰਖੱਤ ਦਾ ਇਕ ਵੱਡਾ ਟਾਹਣਾ ਟੁੱਟ ਗਿਆ ਜਿਸ ਵਿਚ ਛੋਟੇ-ਛੋਟੇ ਬੜੇ ਸੁਹਣੇ-ਸੁਹਣੇ ਤੋਤੇ ਦੇ ਬੱਚੇ ਸਨ। ਜਿਹਨਾਂ ਦੀ ਅਦਭੁੱਤ ਸੁੰਦਰਤਾ ਵੇਖ ਕੇ ਉਹਨਾਂ ਨੂੰ ਮੈਂ ਆਪਣੇ ਮੋਬਾਇਲ ਦੇ ਕੈਮਰੇ ਵਿਚ ਬੰਦ ਕਰ ਲਿਆ। ਇਹਨਾਂ ਦੇ ਮਾਂ-ਪਿਓ ਤੋਤੇ ਉਹਨਾਂ ਦੀ ਸਖ਼ਤ ਨਿਗਰਾਨੀ ਰੱਖ ਰਹੇ ਸਨ ਇਸ ਲਈ ਮੈਂ ਨਿਸ਼ਚਿੰਤ ਹੋ ਕੇ ਉਥੋਂ ਆ ਗਿਆ। ਰੋਜ਼ ਦੀ ਤਰ•ਾਂ ਜਦੋਂ ਮੈਂ ਅਗਲੇ ਦਿਨ ਵੀ ਉੱਧਰ ਸਵੇਰ ਦੀ ਸੈਰ ਕਰਨ ਗਿਆ ਤਾਂ ਉਹਨਾਂ ਮਾਸੂਮਾਂ ਦੀ ਗਿਣਤੀ ਅੱਧੀ ਰਹਿ ਗਈ ਸੀ। ਮੈਂ ਬਹੁਤ ਬੇਚੈਨ ਹੋਇਆ ਹੋਰ ਕੋਈ ਨੇੜੇ-ਤੇੜੇ ਸੁਰੱਖਿਅਤ ਦਰਖੱਤ ਦੀ ਭਾਲ ਨਾਲ ਮੈਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਇਹਨਾਂ ਦੇ ਜੀਣ ਲਈ ਦਰਖਤ ਤਾਂ ਛੱਡੇ ਹੀ ਨਹੀਂ। ਇਹਨਾਂ ਵਰਗੀਆਂ ਅਣਗਿਣਤ ਮਾਸੂਮ ਜਾਨਾਂ ਦੀ ਹੋਣੀ ਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ।
ਦਰਖ਼ਤਾਂ ਦੀ ਅੰਨੇਵਾਹ ਕਟਾਈ ਤੇ ਪੱਕੇ ਘਰਾਂ ਕਾਰਨ ਅਸੀਂ ਪੰਛੀਆਂ ਨੂੰ ਆਪਣੇ ਆਲਣੇ ਪਾਉਣ ਤੋਂ ਵੀ ਵਾਂਝੇ ਕਰ ਦਿੱਤਾ ਹੈ। ਅੰਨੇਵਾਹ ਕੀੜੇਮਾਰ ਦਵਾਈਆਂ ਦੀ ਵਰਤੋਂ ਤੇ ਪ੍ਰਦੂਸ਼ਿਤ ਪੌਣਪਾਣੀ ਨਾਲ ਪੰਛੀਆਂ ਦੀ ਹੋਂਦ ਖ਼ਤਰੇ ਵਿਚ ਪੈ ਰਹੀ ਹੈ। ਬਹੁਤ ਸਾਰੇ ਸਾਡੇ ਚਹੇਤੇ ਪੰਛੀ ਇਸ ਧਰਤੀ ਤੋਂ ਲੁਪਤ ਹੋ ਰਹੇ ਹਨ। ਜਿਸ ਤਰਾਂ ਪੁਰਾਣੇ ਸਮਿਆਂ ਵਿਚ ਚਿੜੀਆਂ ਸਾਡੇ ਜੀਵਨ ਦਾ ਇਕ ਅੰਗ ਹੁੰਦੀਆਂ ਸਨ। ਚਿੜੀਆਂ ਦਾ ਚੰਬਾ ਹਰ ਇਕ ਦੇ ਦਿਲ ਨੂੰ ਟੁੰਬਦਾ ਸੀ। ਵਾਰਿਸ ਸ਼ਾਹ ਪੰਜਾਬ ਦੇ ਪਿੰਡ ਦਾ ਦ੍ਰਿਸ਼ ਨੂੰ ਰੂਪਮਾਨ ਕਰਨ ਲਈ ਚਿੜੀਆ ਦੀ ਚਿਚਹਾਰਟ ਤੋਂ ਹੀ ਆਰੰਭ ਕਰਦਾ ਹੈ।
ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ
ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਜੀ।
ਪੰਜਾਬ ਦੇ ਲੋਕਾਂ ਨੂੰ ਜਗਾਉਣ ਵਾਲੀ ਵਿਚਾਰੀ ਚਿੜੀ ਹੁਣ ਖੁਦ ਉੱਠਣ ਤੋਂ ਬੇਬਸ ਹੋ ਚੁੱਕੀ ਹੈ। ਪਤਾ ਨਹੀਂ ਇਸ ਨੂੰ ਮੋਬਾਇਲ ਯੁੱਗ ਨੇ ਖਾ ਲਿਆ ਜਾਂ ਇਸ ਨੇ ਖ਼ੁਦ ਹੀ ਮਨੁੱਖ ਜਿਹੀ ਖੁਦਗਰਜ਼ ਕੌਮ ਤੋਂ ਦੂਰ ਜਾਣਾ ਬੇਹਤਰ ਸਮਝਿਆ। ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ

ਲੋਕ-ਸਾਹਿਤ ਦੀ ਕਾਵਿ ਵੰਨਗੀ ਸੁਹਾਗ ਵਿਚ ਧੀ ਦੇ ਵਿਛੋੜੇ ਦੀ ਤੁਲਨਾ ਚਿੜੀਆਂ ਦੀ ਲੰਮੀ ਉਡਾਰੀ ਨਾਲ ਕੀਤੀ ਗਈ ਹੈ।
ਸਾਡਾ ਚਿੜੀਆ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਜਾਣਾ ਏਂ।
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ ਏਂ।
ਆਉਣ ਵਾਲੀਆਂ ਪੀੜੀਆਂ ਜਦੋਂ ਇਹ ਸੁਹਾਗ ਪੜ•ਣ ਜਾਂ ਸੁਣਨ ਗਈਆਂ ਤਾਂ ਉਹਨਾਂ ਨੂੰ ਇਹਦੇ ਅਰਥ ਸਮਝਾਉਣ ਲਈ ਲੁਪਤ ਹੋਈਆਂ ਚਿੜੀਆਂ ਬਾਰੇ ਵੀ ਦੱਸਣਾ ਪਵੇਗਾ ਕਿ ਕਦੇ ਵਿਚਾਰੀਆਂ ਚਿੜੀਆਂ ਹੁੰਦੀਆਂ ਸੀ ਜੋ ਲੰਮੀ ਉਡਾਰੀ ਮਾਰਦੀਆਂ ਸਨ। ਆਧੁਨਿਕ ਸਮੇਂ ਵਿਚ ਵੀ ਚਿੜੀਆਂ ਦਾ ਚੰਬਾ ਕਿਤੇ ਨਜ਼ਰ ਨਹੀਂ ਆਉਂਦਾ ਜੇ ਕਿਤੇ ਚਿੜੀ ਦੀ ਹੋਂਦ ਹੈ ਵੀ ਤਾਂ ਉਹ ਮਨੁੱਖ ਦੁਆਰਾ ਫੈਲਾਈ ਜ਼ਹਿਰ ਦਾ ਸ਼ਿਕਾਰ ਨਜ਼ਰ ਆਉਂਦੀ ਹੈ।

ਇਸ ਤਰਾਂ ਅਸੀਂ ਪੰਛੀਆਂ ਦਾ ਹਰ ਮੁਕਾਮ ’ਤੇ ਜੀਣਾ ਮੁਹਾਲ ਕੀਤਾ ਹੋਇਆ ਹੈ। ਪੰਜਾਬ ਵਿਚ ਕਬੂਤਰ, ਸੁਰਖਾਬ, ਮੁਰਗਾਬੀ, ਇੱਲ, ਬਟੇਰਾ, ਕੂੰਜ, ਘੁੱਗੀ, ਸ਼ਿਕਰਾ, ਬਾਜ਼, ਪਪੀਹਾ, ਬੁਲਬੁਲ, ਬਿਜੜਾ ਆਦਿ ਲਗਭਗ 335 ਕਿਸਮਾਂ ਦੇ ਪੰਛੀਆਂ ਵਿਚੋਂ ਬਹੁਤ ਸਾਰੇ ਪੰਛੀ ਸਾਡੇ ਤੋਂ ਰੁੱਸ ਕੇ ਹਮੇਸ਼ਾ ਲਈ ਜਾ ਚੁੱਕੇ ਹਨ ਅਤੇ ਬਹੁਤ ਸਾਰੇ ਜਾਣ ਦੀ ਤਿਆਰੀ ਵਿਚ ਹਨ। ਪੰਛੀ ਪ੍ਰਤੀ ਬਦਲ ਪੰਜਾਬੀ ਮਾਨਸਿਕਤਾ ਪੰਜਾਬ ਲਈ ਸ਼ੁਭ ਸੰਕੇਤ ਨਹੀਂ। ਪੰਛੀਆਂ ਦੀ ਹੋਂਦ ਤੋਂ ਬਿਨਾਂ ਸੁਹਣੇ ਪੰਜਾਬ ਦਾ ਸੁਹੱਪਣ ਅਧੂਰਾ ਹੈ।



-ਮੁਖਵੀਰ ਸਿੰਘ
mukhvir@gmail.com