Friday, November 19, 2010

ਲਾਹੌਰ لاہور







شاہ مکھی پڑھن لئی تھلے جاؤ..













ਲਾਹੌਰ ਦਿਲ ਹੈ
ਪੰਜਾਬੀਆਂ ਦਾ
ਕਹਿੰਦੇ ਨੇ, "ਜਿਨ੍ਹੇ
ਲਾਹੌਰ ਨਹੀਂ ਦੇਖਿਆ
ਉਹ ਅਜੇ ਜੰਮਿਆਂ ਹੀ ਨਹੀਂ"
ਤੇ ਮੈਂ
ਜੰਮਣਾ ਚਾਹੁੰਦਾ ਹਾਂ

ਮੈਂ ਲਾਹੌਰ ਜਾਣਾ ਚਾਹੁੰਦਾ ਹਾਂ

ਮੇਰਾ ਨਾ ਲਾਹੌਰ ਦਾ ਜਨਮ ਹੈ
ਤੇ ਨਾ ਹੀ ਮੇਰੇ ਵੱਡੇ-ਵਡੇਰੇ
ਲਾਹੌਰ ਦੇ ਸਨ
ਇੱਥੋਂ ਤੱਕ ਕੇ ਮੇਰੇ ਰਿਸ਼ਤੇਦਾਰਾਂ ਵਿੱਚੋਂ ਵੀ
ਕੋਈ ਲਾਹੌਰ ਤੋਂ ਉੱਜੜ ਕੇ ਨਹੀਂ ਆਇਆ
ਪਰ ਦਿਲਾਂ ਦੀ ਸਾਂਝ ਲਈ ਕਿਸੇ ਬਹਾਨੇ ਦੀ ਲੋੜ ਨਹੀਂ
ਮੈਂ ਤਾਂ ਇਹ ਅਹਿਸਾਸ ਕਰਵਾਉਣਾ ਚਾਹੁੰਦਾ ਹਾਂ

ਮੈਂ ਲਾਹੌਰ ਜਾਣਾ ਚਾਹੁੰਦਾ ਹਾਂ

ਕੀ ਕੋਈ ਦੱਸ ਸਕਦਾ ਹੈ ਕੇ
ਬਾਬਾ ਫ਼ਰੀਦ
ਪਾਕਿ ਦਾ ਹੈ ਜਾਂ ਹਿੰਦ ਦਾ ?
ਬਾਬਾ ਨਾਨਕ ਵੀ
ਸਾਰੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰੇ
ਉਹ ਵੀ ਨਾ ਪਾਕਿ ਤੇ ਨਾ ਹੀ ਹਿੰਦ
ਮੰਗਦਾ

ਮੈਂ ਵੀ ਓਥੇ ਜਾ ਮਰਦਾਨੇ ਦੀ ਰਬਾਬ ਨਾਲ
ਬਾਬੇ ਨਾਨਕ ਦਾ ਹੀ ਅਮਰ-ਗੀਤ ਗਾਉਣਾ ਚਾਹੁੰਦਾ ਹਾਂ

ਮੈਂ ਲਾਹੌਰ ਜਾਣਾ ਚਾਹੁੰਦਾ ਹਾਂ

ਲਾਹੌਰ ਦੇ ਬਜ਼ੁਰਗਾਂ ਦੇ ਦਿਲ ਵਿਚ
ਸ਼ਿਫ਼ਤੀ ਦੇ ਘਰ ਦਾ ਵਾਸ ਹੈ
ਸਾਡੇ ਬਜ਼ੁਰਗਾਂ ਨੂੰ ਵੀ ਅੰਮ੍ਰਿਤਸਰ ਤੋਂ ਲਾਹੌਰ
ਦਾ ਰਾਹ ਯਾਦ ਹੈ
ਕਿਉਂਕਿ ਬੁੱਢੇ ਘੋੜੇ ਕਦੇ ਰਾਹ ਨਹੀਂ ਭੁੱਲਦੇ
ਪਰ ਮੈਂ ਤਾਂ ਇਹ ਜਾਣਨਾ ਚਾਹੁੰਦਾ
ਲਾਹੌਰ ਦੇ ਜਵਾਨ ਦਿਲਾਂ ਵਿਚ ਕੀ ਹੈ?
ਇਸ ਲਈ ਮੈਂ ਤਾਂ ਕਿਸੇ ਜਵਾਨ ਘੋੜੇ ’ਤੇ ਚੜ੍ਹ ਕੇ
ਉਸ ਰਾਹ 'ਤੇ ਜਾਣਾ ਚਾਹੁੰਦਾ ਹਾਂ


ਮੈਂ ਲਾਹੌਰ ਜਾਣਾ ਚਾਹੁੰਦਾ ਹਾਂ



ਮੈਂ ਇਸ ਸਚਾਈ ਤੋਂ ਮੂੰਹ ਨਹੀਂ ਮੋੜ ਰਿਹਾ ਕੇ
ਭਰਾਵਾਂ ਦਾ ਬਟਵਾਰਾ ਹੋ ਚੁਕਾ ਹੈ
ਹਰ ਪੰਜਾਬੀ ਟੱਬਰ ਵਾਂਗ
ਰੁੱਸਣਾ ਮਨਾਉਣਾ ਹੋ ਚੁਕਾ ਹੈ
ਇਹਨਾਂ ਭਰਾਵਾਂ ਬੰਨ੍ਹੇ ਦੀ ਲੜਾਈ ਤੋਂ
ਇਕ-ਦੂਜੇ ਖ਼ਿਲਾਫ਼ ਡਾਂਗ ਵੀ ਚੁੱਕੀ ਹੈ
ਪਰ ਭਰਾ ਤਾਂ ਹਰ ਦੁੱਖ-ਸੁੱਖ ਵਿਚ ਗਲ਼ਵੱਕੜੀ ਵੀ ਪਾਉਂਦੇ ਹਨ

ਮੈਂ ਤਾਂ ਉਹ ਗਲ਼ਵੱਕੜੀ ਦਾ ਦੀਦਾਰ ਕਰਨਾ ਚਾਹੁੰਦਾ ਹਾਂ

ਮੈਂ ਲਾਹੌਰ ਜਾਣਾ ਚਾਹੁੰਦਾ ਹਾਂ
-ਮੁਖਵੀਰ



میں لاہور جانا چاہندا ہاں

لاہور دل ہے
پنجابیاں دا
کہندے ہن، "جنھے
لاہور نہیں دیکھیا
اوہ جمیاں ہی نہیں"
تے میں
جمنا چاہندا ہاں

میں لاہور جانا چاہندا ہاں

میرا نہ لاہور دا جنم ہے
تے نہ ہی میرے وڈے-وڈیرے
لاہور دے سن
اتھوں تکّ کے میرے رشتے داراں وچوں وی
کوئی لاہور توں اجڑ کے نہیں آیا
پر دلاں دی سانجھ لئی کسے بہانے دی لوڑ نہیں
میں تاں ایہہ احساس کرواؤنا چاہندا ہاں

میں لاہور جانا چاہندا ہاں

کی کوئی دسّ سکدا ہے کے
بابا فرید
پاک دا ہے جاں ہند دا؟
بابا نانک وی
سارے پنجابیاں دے دلاں 'تے راج
کرے
اوہ وی نہ پاک تے نہ ہی ہند
منگدا

میں وی اوتھے جا مردانے دی رباب نال
بابے نانک دا ہی امر-گیت گاؤنا چاہندا ہاں

میں لاہور جانا چاہندا ہاں

لاہور دے بزرگاں دے دل وچ
صفتی دے گھر دا واس ہے
ساڈے بزرگاں نوں وی امرتسر توں لاہور
دا راہ یاد ہے
کیونکہ بڈھے گھوڑے کدے راہ نہیں بھلدے
پر میں تاں ایہہ جاننا چاہندا
لاہور دے جوان دلاں وچ کی ہے؟
اس لئی میں تاں کسے جوان گھوڑے 'تے چڑھ کے
اس راہ 'تے جانا چاہندا ہاں


میں لاہور جانا چاہندا ہاں



میں اس سچائی توں منہ نہیں موڑ رہا کے
بھراواں دا بٹوارا ہو چکا ہے
ہر پنجابی ٹبر وانگ
رسنا مناؤنا ہو چکا ہے
ایہناں بھراواں بنھے دی لڑائی توں
اک-دوجے خلاف ڈانگ وی چکی ہے
پر بھرا تاں ہر دکھ-سکھ وچ گلوکڑی وی پاؤندے ہن

میں تاں اوہ گلوکڑی دا دیدار کرنا چاہندا ہاں

میں لاہور جانا چاہندا ہاں


-- مکھویر